659 ਕਿਲੋ ਹੈਰੋਇਨ, 6 ਕਰੋੜ ਨਸ਼ੇ ਦੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਪਦਾਰਥ ਸਾੜੇ
ਅੰਮਿ੍ਰਤਸਰ, 26 ਜੂਨ ( ਜਸਵਿੰਦਰ ਸਿੰਘ )
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਨਸ਼ਾ ਮੁੱਕਤ ਕਰਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਤਹਿਤ ਪੰਜਾਬ ਪੁਲਿਸ, ਐਸ ਟੀ ਐਫ ਅਤੇ ਹੋਰ ਵਿਭਾਗਾਂ ਨੇ ਬੀਤੇ ਸਾਲ ਵਿਚ ਜੋ ਨਸ਼ਾ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਸੀ, ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਅੰਮਿ੍ਰਤਸਰ ਵਿਚ ਵਿਗਿਆਨਕ ਢੰਗ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਆਨ-ਲਾਇਨ ਸਮਾਗਮ ਵਿਚ ਸ਼ਾਮਿਲ ਹੁੰਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਲੱਗੀਆਂ ਹਥਿਆਰਬੰਦ ਫੋਰਸਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ, ਡੈਪੋ ਤੇ ਬਡੀ ਗਰੁੱਪਾਂ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਜੋ ਅਰਬਾਂ ਰੁਪਏ ਦਾ ਨਸ਼ਾ ਸਾੜਿਆ ਜਾ ਰਿਹਾ ਹੈ, ਇਹ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸੁਹਿਰਦ ਕੋਸ਼ਿਸ਼ਾਂ ਦੀ ਗਵਾਈ ਭਰਦਾ ਹੈ।
ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਬਰਾਮਦਗੀ ਤੋਂ ਲੈ ਕੇ ਨਸ਼ੇ ਨੂੰ ਨਸ਼ਟ ਕਰਨ ਤੱਕ ਦੀ ਸਾਰੀ ਕਾਨੂੰਨੀ ਪ੍ਰਕ੍ਰਿਆ ਉਤੇ ਚਾਨਣਾ ਪਾਇਆ। ਸ. ਗਿਲ ਨੇ ਇਸ ਮੌਕੇ ਸਥਾਨਕ ਪੇਪਰ ਮਿਲ ਵਿਚ ਪਹੁੰਚ ਕੇ ਵਿਗਿਆਨਕ ਢੰਗ ਨਾਲ ਨਸ਼ੇ ਨੂੰ ਸਾੜਨ ਦਾ ਮੌਕਾ ਵੀ ਵੇਖਿਆ ਅਤੇ ਖ਼ੁਦ ਨਸ਼ੇ ਦੇ ਪੈਕਟ ਅੱਗ ਵਿਚ ਸੁੱਟ ਕੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦਾ ਅਹਿਦ ਲਿਆ। ਸ. ਗਿਲ ਨੇ ਦੱਸਿਆ ਕਿ ਅੱਜ ਅਸੀਂ ਇੱਥੇ ਜੋ ਨਸ਼ਾ ਨਸ਼ਟ ਕਰ ਰਹੇ ਹਾਂ, ਉਸ ਦੀ ਜੇਕਰ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਇਹ 1300 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਬਣਦਾ ਹੈ। ਉਨਾਂ ਦੱਸਿਆ ਕਿ ਇਸ ਵਿਚ 659 ਕਿਲੋਗ੍ਰਾਮ ਹੈਰੋਇਨ ਸ਼ਾਮਿਲ ਹੈ, ਜਿਸ ਦੀ ਇਕੱਲੇ ਦੀ ਕੀਮਤ ਹੀ 1318 ਕਰੋੜ ਰੁਪਏ ਬਣਦੀ ਹੈ। ਇਸ ਤੋਂ ਇਲਾਵਾ 5.8 ਕਰੋੜ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ, 3000 ਕਿਲੋਗ੍ਰਾਮ ਭੁੱਕੀ ਅਤੇ ਵੱਡੀ ਮਾਤਰਾ ਵਿਚ ਚਰਸ, ਸਮੈਕ, ਗਾਂਜਾ ਅਤੇ ਹੋਰ ਡਰੱਗਜ਼ ਸ਼ਾਮਿਲ ਹਨ।
ਉਨਾਂ ਦੱਸਿਆ ਕਿ ਇਹ ਉਹ ਨਸ਼ੀਲੇ ਪਦਾਰਥ ਹਨ, ਜਿੰਨਾ ਨੂੰ ਅਦਾਲਤ ਵੱਲੋਂ ਸਾੜਨ ਦੀ ਆਗਿਆ ਦਿੱਤੀ ਜਾ ਚੁੱਕੀ ਹੈ। ਸ. ਗਿਲ ਨੇ ਦੱਸਿਆ ਕਿ ਅੱਜ ਜਿੰਨਾ ਜਿਲਿਆਂ ਵਿਚ ਵੱਖ-ਵੱਖ ਸਮੇਂ ਫੜੇ ਗਏ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ, ਉਨਾਂ ਵਿਚ ਅੰਮਿ੍ਰਤਸਰ ਸ਼ਹਿਰੀ, ਅੰਮਿ੍ਰਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ, ਜਲੰਧਰ ਸ਼ਹਿਰੀ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ ਅਤੇ ਮਾਨਸਾ ਜਿਲ੍ਹੇ ਸ਼ਾਮਿਲ ਹਨ। ਨਸ਼ਾ ਸਾੜਨ ਦੀ ਇਸ ਮੁਹਿੰਮ ਵਿਚ ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਏ ਸੀ ਪੀ ਜੁਗਰਾਜ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਰਹੇ। ਇਸ ਤੋਂ ਪਹਿਲਾਂ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ, ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ, ਡੀ ਜੀ ਪੀ ਸ੍ਰੀ ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਐਂਟੀ ਡਰੱਗ ਮੁਹਿੰਮ ਦੇ ਨੋਡਲ ਅਧਿਕਾਰੀ ਸ੍ਰੀ ਰਾਹੁਲ ਤਿਵਾੜੀ ਅਤੇ ਕਈ ਜਿਲਿਆਂ ਦੇ ਡੈਪੋ ਤੇ ਬੱਡੀ ਮੈਂਬਰ ਵੀ ਗੱਲਬਾਤ ਵਿਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਸ੍ਰੀ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਐਸ ਪੀ ਅੰਮਿ੍ਰਤਸਰ ਸ੍ਰੀ ਗੁਲਨੀਤ ਸਿੰਘ, ਚੇਅਰਮੈਨ ਸ੍ਰੀ ਜੁਗਲ ਕਿਸ਼ੋਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।